ਮਾਨਸਾ-ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਆਯੋਜਿਤ ਦੂਜੀ ਕਨਵੋਕੇਸ਼ਨ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਦੌਰਾਨ ਸਾਲ 2021 ਤੋਂ ਸਾਲ 2025 ਤੱਕ ਪਾਸ ਹੋਈਆਂ 300 ਗਰੈਜੂਏਟ ਅਤੇ 161 ਪੋਸਟ ਗਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਦੀ ਵੰਡ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਲਈ ਉਚ ਸਿੱਖਿਆ ਪ੍ਰਾਪਤ ਕਰਨਾ ਬਹੁਤ ਲਾਜ਼ਮੀ ਹੈ ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਹਮੇਸ਼ਾਂ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਚ ਵਿਦਿਆਰਥਣਾਂ ਦੇ ਹੋਸਟਲ ਲਈ 09 ਕਰੋੜ, 99 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਇਹ ਬਹੁਤ ਵੱਡੀ ਸਮਰੱਥਾ ਵਾਲਾ ਕਾਲਜ ਹੈ ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਕੋਰਸ ਸ਼ਾਮਿਲ ਹਨ ਜੋ ਇਕ ਇਲਾਕੇ ਦੀਆਂ ਲੜਕੀਆਂ ਦੀ ਉਚੇਰੀ ਪੜ੍ਹਾਈ ਲਈ ਬਹੁਤ ਹੀ ਲਾਹੇਵੰਦ ਸੰਸਥਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਔਰਤਾਂ ਨੂੰ ਘਰਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ। ਸਤੀ ਪ੍ਰਥਾ, ਬਾਲ ਵਿਆਹ, ਭਰੂਣ ਹੱਤਿਆ ਜਿਹੇ ਰਸਮ ਰਿਵਾਜ਼ ਹਮੇਸ਼ਾ ਔਰਤ ਨੂੰ ਸੀਮਤ ਦਾਇਰੇ ਵਿਚ ਰੱਖਣ ਲਈ ਬਣਾਏ ਗਏ ਜਿੰਨ੍ਹਾਂ ਨੇ ਕਦੇ ਵੀ ਔਰਤ ਦਾ ਮਾਨਸਿਕ ਤੇ ਸਮਾਜਿਕ ਵਿਕਾਸ ਨਹੀਂ ਹੋਣ ਦਿੱਤਾ ਅਤੇ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਪਰ ਔਰਤ ਨੇ ਖੁਦ ਨੂੰ ਪਛਾਣਿਆ ਅਤੇ ਸਮਾਜ ਵਿਚ ਮਰਦ ਦੇ ਬਰਾਬਰ ਦਾ ਰੁਤਬਾ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਹਰ ਔਰਤ ਦੀ ਉਪਲੱਬਧੀ ਪਿੱਛੇ ਲੰਮਾ ਸੰਘਰਸ਼ ਹੁੰਦਾ ਹੈ ਤੇ ਔਰਤ ਹਮੇਸ਼ਾਂ ਆਪਣੀ ਸਮਰੱਥਾ ਤੋਂ ਵਧ ਕੇ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਆਪਣੇ ਬੱਚਿਆਂ ਸਮੇਤ ਆਪਣੀਆਂ ਧੀਆਂ ਨੂੰ ਚੰਗੀ ਸਿੱਖਿਆ ਦੇਵੋ ਤਾਂ ਜੋ ਉਹ ਸਮਾਜ ਵਿਚ ਚੰਗਾ ਰੁਤਬਾ ਹਾਸਲ ਕਰ ਸਕਣ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਕਾਲਜ ਦੀਆਂ ਵਿਸ਼ੇਸ਼ ਪ੍ਰਾਪਤੀਆਂ ਅਤੇ ਸਹੂਲਤਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਕਾਲਜ ਵਿਚ ਵੱਖ ਵੱਖ ਤਰ੍ਹਾਂ ਦੇ ਕੋਰਸ ਅਤੇ ਹੋਰ ਸੁਵਿਧਾਵਾਂ ਲੈ ਕੇ ਆਉਣ ਜਿਸ ਕਾਰਨ ਇਲਾਕੇ ਦੀਆਂ ਵੱਧ ਤੋਂ ਵੱਧ ਵਿਦਿਆਰਥਣਾਂ ਇਸ ਕਾਲਜ ਵਿਚ ਦਾਖਲਾ ਲੈਣ ਅਤੇ ਕਾਲਜ ਦਾ ਮਾਣ ਵਧਾਉਣ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥਣਾਂ ਦੀ ਉੱਚ ਅਤੇ ਗੁਣਵੱਤਾ ਭਰਪੂਰ ਸਿੱਖਿਆ ਲਈ ਹਰ ਉਪਰਾਲਾ ਕਰਨ ਲਈ ਵਚਨਬੱਧ ਹਨ।ਇਸ ਮੌਕੇ ਕਾਲਜ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਡਾਇਰੈਕਟਰ (ਸੀ.ਸੀ.) ਪੰਜਾਬੀ ਯੂਨੀਵਰਸਿਟੀ ਪਟਿਆਲਾ ਅਮਰਇੰਦਰ ਸਿੰਘ, ਐੱਸ.ਡੀ.ਐੱਮ. ਮਾਨਸਾ ਕਾਲਾ ਰਾਮ ਕਾਂਸਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ, ਨਿਗਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਜ ਕੁਮਾਰ, ਬਾਬਾ ਲਛਮਣ ਦਾਸ ਅਤੇ ਬਾਬਾ ਕੇਸ਼ਵ ਮੁਨੀ, ਆਮ ਆਦਮੀ ਪਾਰਟੀ ਮਹਿਲਾ ਵਿੰਗ ਤੋਂ ਸ਼ਰਨਜੀਤ ਕੌਰ, ਕਾਲਜ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।